ਗੁਰੂ ਹਰਿ ਕ੍ਰਿਸਨ ਸਾਹਿਬ ਅਤੇ ਕੋੜ੍ਹੀ ਤੇ ਕ੍ਰਿਪਾ
ਗੁਰੂ ਹਰਿ ਕ੍ਰਿਸਨ ਸਾਹਿਬ ਅਤੇ ਕੋੜ੍ਹੀ ਤੇ ਕ੍ਰਿਪਾ
ਪੰਜ ਸਾਲ ਛੇ ਮਹੀਨੇ ਦੀ ਆਯੂ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬਿਰਾਜ਼ਮਾਨ ਹੁੰਦੇ ਹਨ। ਸੰਗਤਾਂ ਹੁੰਮ-ਹੁਮਾ ਕੇ ਦਰਸ਼ਨ ਕਰ ਰਹੀਆਂ ਹਨ। ਸਾਹਿਬ ਇੱਕ ਦਿਨ ਪਾਲਕੀ ਤੇ ਜਾ ਰਹੇ ਹਨ। ਅੱਗੇ ਇੱਕ ਕੋੜ੍ਹੀ ਰਸਤਾ ਰੋਕ ਕੇ ਚੀਖ਼-ਪੁਕਾਰ ਕਰ ਰਿਹਾ ਹੈ।
ਉਸ ਦੀ ਚੀਖ਼ ਪੁਕਾਰ ਹੈ ਕੀ ? ਕੀ ਸੋਚ ਰਿਹਾ ਹੈ ?
ਗੁਰੂ ਨਾਨਕ ਪਾਤਸ਼ਾਹ ਜਦੋਂ ਦੀਪਾਲਪੁਰ ਗਏ, ਉਸ ਵੇਲੇ ਇਕ ਕੋੜ੍ਹੀ ਤੇ ਅੰਮ੍ਰਿਤ ਦ੍ਰਿਸ਼ਟੀ ਪਾਈ ਹੈ, ਉਸ ਨੂੰ ਨੌਂਬਰ ਨੌਂ ਕਰ ਦਿੱਤਾ ਹੈ, ਨਾਮ ਨਾਲ ਮਹਿਕਾ ਦਿੱਤਾ ਹੈ। ਉਸ ਨੂੰ ਦੇਖ ਕੇ ਸਾਰਾ ਦੀਪਾਲਪੁਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਿਆ ਹੈ। ਪ੍ਰੇਮਾਂ ਕੋੜ੍ਹੀ ਹੈ, ਸਾਰੀ ਦੁਨੀਆਂ ਨੇ ਧਿਰਕਾਰ ਦਿੱਤਾ ਹੈ। ਬਾਹਰ ਕੋਈ ਕੋਲੋਂ ਦੀ ਨੱਕ ਬੰਦ ਕਰ ਕੇ ਲੰਘ ਜਾਂਦਾ ਹੈ, ਜੇ ਤਰਸ ਖਾਂਦਾ ਹੈ ਤੇ ਕੋਈ ਪਰਸ਼ਾਦਾ ਸੁਟ ਜਾਂਦਾ ਹੈ। ਲੋਕ ਦੂਰੋਂ ਹੀ ਨਿਕਲ ਜਾਂਦੇ ਹਨ। ਇੱਕ ਦਿਨ ਉੱਥੋਂ ਦੀ ਸੰਗਤ ਲੰਘੀ ਗੋਇੰਦਵਾਲ ਸਾਹਿਬ ਜਾ ਰਹੀ ਹੈ।
ਸਾਹਿਬ ਗੁਰੂ ਅਮਰਦਾਸ ਜੀ ਤੀਜ਼ੇ ਪਾਤਸ਼ਾਹ ਦੀ ਸਿਫਤ ਸਲਾਹ ਉਸਤਤ ਕਰਦੀ ਜਾਂਦੀ ਹੈ। ਸਾਹਿਬ ਦੀ ਉਸਤਤ ਵਿੱਚ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਪੱਤਿਆਂ ਦੀ ਪੱਤ, ਨਿਗੱਤਿਆਂ ਦੀ ਗੱਤ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸਭ ਪੜ੍ਹਦੇ ਜਾ ਰਹੇ ਹਨ। ਉਹ ਕੋੜ੍ਹੀ ਦੂਰੋਂ ਹੀ ਸੁਣ ਰਿਹਾ ਹੈ। ਉਸ ਦੇ ਮਨ ਵਿੱਚ ਇੱਕ ਉਮੀਦ ਦੀ ਕਿਰਨ ਜਾਗੀ ਹੈ। ਉਸ ਪਾਸੇ ਲੁੜਕਦਾ-ਲੁੜਕਦਾ ਗੋਇੰਦਵਾਲ ਸਾਹਿਬ ਪਹੁੰਚ ਗਿਆ ਹੈ ਜਦੋਂ ਸਾਹਿਬ ਦੇ ਚਰਨਾਂ ਵਿੱਚ ਪੇਸ਼ ਹੁੰਦਾ ਹੈ ਤੇ ਊੱਚੀ ਊੱਚੀ ਭੁੰਬਾਂ ਮਾਰ ਕੇ ਰੋ ਰਿਹਾ ਹੈ। ਸਾਹਿਬ ਦੇ ਅੱਗੇ ਬੇਨਤੀ ਕੀ ਕਰ ਰਿਹਾ ਹੈ? ਸੱਚੇ ਪਾਤਸ਼ਾਹ ਮੈਂ' ਧਿਰਕਾਰਿਆ ਹੋਇਆ ਹਾਂ। ਮੈਨੂੰ ਬਾਹਰ ਕੱਢ ਕੇ ਸੁਟ ਦਿੱਤਾ ਹੈ। ਮੇਰੀ ਸੱਚਮੁੱਚ ਹੀ ਕੋਈ ਪੱਤ ਨਹੀਂ ਹੈ। ਮੇਰੀ ਕੋਈ ਗਤੀ ਨਹੀਂ ਹੈ। ਮੇਰਾ ਕੋਈ ਮਾਣ ਨਹੀਂ ਹੈ। ਮੇਰਾ ਕੋਈ ਤਾਣ ਨਹੀਂ ਹੈ। ਸੱਚੇ ਪਾਤਸ਼ਾਹ! ਤੇਰੇ ਸਿਵਾ ਮੇਰਾ ਕੋਈ ਆਸਰਾ ਨਹੀਂ ਹੈ। ਇਹ ਰੋ ਰਿਹਾ ਹੈ। ਇਹ ਬੇਨਤੀਆਂ ਕਰ ਰਿਹਾ ਹੈ।
ਜਿਸ ਵਕਤ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਦ੍ਰਿਸ਼ਟੀ ਉਸ ਵੇਲੇ ਪੈ ਰਹੀ ਹੈ, ਉਸ ਨੂੰ ਉਸ ਵੇਲੇ ਪਤਾ ਲਗਦਾ ਹੈ ਜਦੋਂ ਨੌਂਬਰ ਨੌਂ ਹੋ ਕੇ ਖ਼ੂਬਸੂਰਤ ਜਵਾਨ ਹੋ ਕੇ ਖੜ੍ਹਾ ਹੋ ਗਿਆ ਹੈ।
ਹੁਣ ਇੱਕ ਕੋੜ੍ਹੀ ਸੋਚ ਰਿਹਾ ਹੈ, ਉਸ ਦੇ ਉੱਤੇ ਸਤਿਗੁਰੂ ਨੇ ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਕੀਤੀਆਂ ਹਨ। ਗੁਰੂ ਨਾਨਕ ਪਾਤਸ਼ਾਹ ਨੇ ਦੀਪਾਲਪੁਰ ਕੀਤੀਆਂ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਕੀਤੀਆਂ, ਹੇ ਅੱਠਵੇਂ ਗੁਰੂ ਨਾਨਕ ! ਇਸ ਗਰੀਬ ਦੇ ਉੱਤੇ ਵੀ ਬਖਸ਼ਿਸ਼ ਕਰੋ, ਬੇਨਤੀਆਂ ਕਰ ਰਿਹਾ ਹੈ। ਹੇ ਗੁਰੂ ਨਾਨਕ! ਇਸ ਕੋੜ੍ਹੀ ਨੂੰ ਵੀ ਬਖਸ਼ੋ। ਗੁਰੂ ਹਰਿਕ੍ਰਿਸਨ ਸਾਹਿਬ ਨੇ ਪਾਲਕੀ ਖੜ੍ਹੀ ਕਰਵਾਈ। ਉਸ ਵੱਲ ਅੰਮ੍ਰਿਤ ਦ੍ਰਿਸ਼ਟੀ ਪਾਈ ਹੈ। ਮਿਹਰ ਦੇ ਦਰਿਆ ਵਿੱਚ ਆਏ ਹਨ। ਹੱਥ ਵਿੱਚ ਇੱਕ ਰੁਮਾਲ ਫੜਿਆ ਹੋਇਆ ਹੈ। ਉਹ ਰੁਮਾਲ, ਉਸ ਨੂੰ ਪਕੜਾ ਦਿੱਤਾ ਹੈ ਕਿ- ਲੈ ਇਸ ਨੂੰ ਆਪਣੇ ਚਿਹਰੇ ਤੇ, ਆਪਣੇ ਸਾਰੇ ਸਰੀਰ ਤੇ ਮਲ ਲੈ। ਜਿਦਾਂ ਹੀ ਮਲੀ ਜਾ ਰਿਹਾ ਹੈ ਉਸੇ ਤਰ੍ਹਾਂ ਨੌਬਰ ਹੋਈ ਜਾਂਦਾ ਹੈ। ਠੀਕ ਹੋ ਗਿਆ, ਸਭ ਕਸ਼ਟ, ਦੁੱਖ ਭਜ ਜਾਂਦੇ ਹਨ।
ਸੰਗਤ ਦੇਖ ਰਹੀ ਹੈ। ਉਸ ਵੇਲੇ, ਸਾਧ ਸੰਗਤ ਜੀ, ਉਸ ਸੰਗਤ ਦੇ ਇਲਾਵਾ ਉਹ ਦਰਗ਼ਾਹ ਵੀ ਦੇਖ ਰਹੀ ਹੈ ਕਿ ਅੱਠਵਾਂ ਗੁਰੂ ਨਾਨਕ ਪੰਜ ਸਾਲ ਦੀ ਆਯੂ ਵਿੱਚ ਵਰਤ ਕਿਸ ਤਰ੍ਹਾਂ ਰਿਹਾ ਹੈ, ਵਿੱਚਰ ਕਿਸ ਤਰ੍ਹਾਂ ਰਿਹਾ ਹੈ। ਉਸ ਵੇਲੇ ਇਹ ਸਾਰੀ ਦਰਗ਼ਾਹ, ਇਹ ਸਾਰੀ ਕਾਇਨਾਤ, ਇਹ ਸਾਰੀ ਕੁਦਰਤ, ਇਹ ਸਾਰੀ ਖ਼ੁਦਾਈ, ਇਸ ਦਾ ਇੱਕ-ਇੱਕ ਕਣ ਗੁਰੂ ਹਰਿਕ੍ਰਿਸਨ ਸਾਹਿਬ ਦੀ ਜੈ- ਜੈਕਾਰ ਪੜ੍ਹ ਰਿਹਾ ਹੈ।
ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ॥
ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ॥
ਮਾਇਆ ਸਾਥਿ ਨ ਚਲਈ ਕਿਆ ਲਪਟਾਵਹਿ ਅੰਧ॥
ਗੁਰ ਕੇ ਚਰਣ ਧਿਆਇ ਤੂ ਤੂਟਹਿ ਮਾਇਆ ਬੰਧ॥
ਤਿਨ ਕੀ ਦੁਖ ਭੁਖ ਹਉਮੈਂ' ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ॥
ਨਾਨਕ ਗੁਰੂ ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ॥
ਦੂਖੁ ਦਰਦੁ ਇਸੁ ਤਨ ਤੇ ਜਾਇ॥
ਸਤਿਗੁਰੁ ਪੁਰਖੁ ਧਿਆਇ ਤੂ ਸਭਿ ਦੁਖ ਵਿਸਾਰਣਹਾਰੁ॥
ਹਰਿ ਨਾਮਾ ਆਰਾਧਿ ਮਨ ਸਭਿ ਕਿਲਵਿਖ ਜਾਹਿ ਵਿਕਾਰ॥
ਪਾਛੈ ਕੁਸਲ ਖੇਮ ਗੁਰਿ ਦੀਆ॥
ਸਰਬ ਨਿਧਾਨ ਸੁਖ ਪਾਇਆ॥
ਗੁਰੁ ਅਪੁਨਾ ਰਿਦੈ ਧਿਆਇਆ॥