ਗੋਬਿੰਦ ਪ੍ਰੇਮ - ਸਾਡੇ ਢਹਿਣ ਵਿੱਚ ਦੇਰੀ ਹੈ
ਗੋਬਿੰਦ ਪ੍ਰੇਮ - ਸਾਡੇ ਢਹਿਣ ਵਿੱਚ ਦੇਰੀ ਹੈ
ਪਿਤਾ ਜੀ ਦੇ ਨਾਲ ਦਾਸ ਨੂੰ ਬਾਬਾ ਨੰਦ ਸਿੰਘ ਸਾਹਿਬ ਦੇ ਇਲਾਹੀ ਬਚਨ ਸੁਣਨ ਦਾ ਕਈ ਵਾਰੀ ਮੌਕਾ ਮਿਲਿਆ। ਇੱਕ ਦਫ਼ਾ ਗਰੀਬ ਨਿਵਾਜ਼ ਨੇ ਇੱਕ ਹੋਰ ਇਲਾਹੀ ਬਚਨ ਕੀਤਾ।
ਦਸਮੇਸ਼ ਪਿਤਾ ਦਾ ਦਰਬਾਰ ਸਜਿਆ ਹੋਇਆ ਹੈ। ਕਾਜ਼ੀ ਸਲਾਰਦੀਨ ਦਰਸ਼ਨਾਂ ਵਾਸਤੇ ਆਏ। ਸਿੱਖਾਂ ਨੇ ਬੜੇ ਸਤਿਕਾਰ ਨਾਲ ਉਨ੍ਹਾਂ ਨੂੰ ਆਸਣ ਦਿੱਤਾ, ਬਿਠਾਇਆ ਹੈ। ਕੀਰਤਨ ਚੌਂਕੀ ਹੋ ਰਹੀ ਹੈ, “ਲੇਖੁ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ”। ਕਾਜ਼ੀ ਸਾਹਿਬ ਦੇ ਦਿਲ ਵਿੱਚ ਇੱਕ ਸ਼ੰਕਾ ਪੈਦਾ ਹੋਇਆ ਹੈ ਜੇ ਲੇਖ ਨਹੀਂ ਮਿਟ ਸਕਦਾ ਤਾਂ ਜਿਹੜੇ ਸਿੱਖ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦੇ ਹਨ, ਦਰਬਾਰ ਵਿੱਚ ਆਉਂਦੇ ਹਨ ਉਨ੍ਹਾਂ ਦੇ ਪੁੱਠੇ ਕਰਮ, ਪੁੱਠੇ ਲੇਖ ਕਿਸ ਤਰ੍ਹਾਂ ਮਿਟ ਸਕਦੇ ਹਨ, ਇਹ ਖ਼ਿਆਲ ਆਇਆ।
ਜਿਸ ਵਕਤ ਭੋਗ ਪਿਆ ਅੰਤਰਜਾਮੀ ਸੱਚੇ ਪਾਤਸ਼ਾਹ ਮੇਰੇ ਸਾਹਿਬ, ਮੇਰੇ ਸਤਿਗੁਰੂ, ਕਾਜ਼ੀ ਸਾਹਿਬ ਨੂੰ ਪੁੱਛਦੇ ਹਨ।
ਦਸਮੇਸ਼ ਪਿਤਾ- ਕਾਜ਼ੀ ਸਾਹਿਬ ਇਹ ਉਂਗਲੀ ਵਿੱਚ ਕੀ ਪਾਇਆ ਹੋਇਆ ਹੈ?
ਕਾਜ਼ੀ ਸਲਾਰਦੀਨ- ਗਰੀਬ ਨਿਵਾਜ਼ ਮੋਹਰ ਛਾਪ ਹੈ। ਮੈਂ ਕਾਜ਼ੀ ਹਾਂ, ਮੈ ਫ਼ਤਵੇ ਦਿੰਦਾ ਹਾਂ, ਫ਼ਤਵੇ ਦੇ ਉਤੇ ਮੇਰੀ ਮੋਹਰ ਦੀ ਲੋੜ ਪੈਂਦੀ ਹੈ। ਇਹ ਮੈਂ ਲਾਹ ਕੇ ਲਗਾ ਦਿੰਦਾ ਹਾਂ।
ਦਸਮੇਸ਼ ਪਿਤਾ- ਇਸ ਉੱਤੇ ਕੀ ਲਫ਼ਜ਼ ਹਨ?
ਕਾਜ਼ੀ ਸਲਾਰਦੀਨ- ਸਚੇ ਪਾਤਸ਼ਾਹ ਮੇਰਾ ਨਾਮ ਹੈ, ਕਾਜ਼ੀ ਲਿਖਿਆ ਹੋਇਆ ਹੈ।
ਦਸਮੇਸ਼ ਪਿਤਾ- ਕਿਸ ਤਰ੍ਹਾਂ ਲਫਜ਼ ਹਨ?
ਕਾਜ਼ੀ ਸਲਾਰਦੀਨ- ਜੀ ਇਹ ਪੁੱਠੇ ਲਫ਼ਜ਼ ਹਨ। ਗਰੀਬ ਨਿਵਾਜ਼ ਜਦੋਂ ਕਾਗਜ਼ ਤੇ ਇਸ ਨੂੰ ਮੂਧ੍ਹਾ ਕਰਕੇ ਲਾਈਦਾ ਹੈ ਤੇ ਇਹ ਲਫ਼ਜ਼ ਸਿੱਧੇ ਹੋ ਜਾਂਦੇ ਹਨ।
ਦਸਮੇਸ਼ ਪਿਤਾ ਨੇ ਹੁਕਮ ਕੀਤਾ ਕਾਗਜ਼ ਲਿਆਂਦਾ ਗਿਆ।
ਦਸਮੇਸ਼ ਪਿਤਾ- ਕਾਜ਼ੀ ਸਾਹਿਬ ਲਗਾਓ।
ਕਾਜ਼ੀ ਸਾਹਿਬ ਨੇ ਮੋਹਰ ਛਾਪ ਲਗਾਈ।
ਕਾਜ਼ੀ ਸਾਹਿਬ- ਗਰੀਬ ਨਿਵਾਜ਼ ਇਸਨੂੰ ਮੂਧ੍ਹੀ ਕਰਕੇ ਜਦੋਂ ਕਾਗਜ਼ ਤੇ ਲਗਾਇਆ ਤੇ ਇਹ ਲਫ਼ਜ਼ ਸਿੱਧੇ ਹੋ ਗਏ।
ਅਗੋਂ ਦਸਮੇਸ਼ ਪਿਤਾ ਜੀ ਫ਼ੁਰਮਾਉਂਦੇ ਹਨ ਕਿ ਦੇਖੋ ਕਾਜ਼ੀ ਸਾਹਿਬ ਜਿਸ ਵਕਤ ਸਿੱਖ ਆ ਕੇ ਮੂਧ੍ਹਾ ਹੋ ਕੇ ਗੁਰੂ ਦੇ ਚਰਨਾਂ ਤੇ ਡਿੱਗਦਾ ਹੈ। ਉਸ ਵੇਲੇ ਉਸ ਦੇ ਪੁੱਠੇ ਕਰਮ, ਉਸ ਦੀਆਂ ਪੁੱਠੀਆਂ ਰੇਖਾਵਾਂ ਇਸ ਤਰ੍ਹਾਂ ਹੀ ਸਿੱਧ੍ਹੀਆਂ ਹੋ ਜਾਂਦੀਆਂ ਹਨ ਜਿਸ ਤਰ੍ਹਾਂ ਤੁਹਾਡੇ ਮੋਹਰ ਛਾਪ ਦੇ ਪੁੱਠੇ ਲਫਜ਼ ਸਿੱਧ੍ਹੇ ਹੋ ਗਏ ਹਨ। ਜਦੋਂ ਇਸ ਨੂੰ ਮੂਧ੍ਹੀ ਕਰਕੇ ਕਾਗਜ਼ ਤੇ ਲਗਾਇਆ।
ਬਾਬਾ ਨੰਦ ਸਿੰਘ ਸਾਹਿਬ ਨੇ ਫਿਰ ਫ਼ੁਰਮਾਇਆ-
ਜਿਸ ਵਕਤ ਸਿੱਖ ਨਿਮਾਣਾ ਹੋ ਕੇ, ਮੂਧ੍ਹਾ ਹੋ ਕੇ ਆਪਣੇ ਸਤਿਗੁਰੂ ਦੇ ਚਰਨਾਂ ਤੇ ਡਿੱਗਦਾ ਹੈ ਉਸ ਵੇਲੇ ਉਸ ਦੀਆਂ ਸਾਰੀਆਂ ਪੁੱਠੀਆਂ ਰੇਖਾਵਾਂ, ਸਾਰੇ ਪੁੱਠੇ ਕਰਮ ਸਿੱਧੇ ਹੋ ਜਾਂਦੇ ਹਨ, ਉਸ ਦਾ ਲੇਖਾ ਹੀ ਮੁੱਕ ਜਾਂਦਾ ਹੈ।
ਸਾਧ ਸੰਗਤ ਜੀ ਇਹ ਵੀ ਫ਼ੁਰਮਾਇਆ-
ਸਾਡੇ ਗੁਰੂ ਨਾਨਕ ਦੇ ਚਰਨਾਂ ਵਿੱਚ ਢਹਿਣ ਦੀ ਦੇਰੀ ਹੈ ਪਰ ਗੁਰੂ ਨਾਨਕ ਦੇ ਸਾਨੂੰ ਬਖ਼ਸ਼ਣ ਵਿੱਚ ਕੋਈ ਦੇਰੀ ਨਹੀਂ ਹੈ। ਇਹ ਕੰਮ ਸਕਿੰਟਾਂ ਦਾ ਹੈ।
ਸਾਧ ਸੰਗਤ ਜੀ ਆਪਾਂ ਵੀ ਉਸ ਸਤਿਗੁਰੂ, ਦਸਮੇਸ਼ ਪਿਤਾ ਦੇ, ਦਸਵੇਂ ਗੁਰੂ ਨਾਨਕ ਦੇ ਦਰਸ਼ਨਾਂ ਤੋਂ ਬਲਿਹਾਰ ਜਾਈਏ, ਸਦਕੇ ਜਾਈਏ। ਆਪਾਂ ਵੀ ਸਤਿਗੁਰੂ ਦੇ ਚਰਨਾਂ ਤੇ ਉਸੇ ਤਰ੍ਹਾਂ ਹੀ ਆਪਣਾ ਮਸਤਕ ਰੱਖੀਏ ਜਿਸ ਦੇ ਰੱਖਣ ਨਾਲ ਉਹ ਰੇਖਾਵਾਂ ਜਿਹੜੀਆਂ ਪੁੱਠੀਆਂ ਹਨ, ਜਿਹੜੇ ਪੁੱਠੇ ਲੇਖ ਹਨ, ਜਿਹੜੇ ਪੁੱਠੇ ਕਰਮ ਹਨ, ਸਿੱਧ੍ਹੇ ਹੋ ਜਾਣ। ਜਿਸ ਤਰ੍ਹਾਂ ਬਾਬਾ ਨੰਦ ਸਿੰਘ ਸਾਹਿਬ ਸਾਨੂੰ ਦੱਸ ਰਹੇ ਹਨ, ਸਾਧ ਸੰਗਤ ਜੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿਉਂਦਾ, ਜਾਗਦਾ, ਬੋਲਦਾ ਗੁਰੂ ਨਾਨਕ ਦੀ ਬਿਰਤੀ ਨਾਲ, ਕਿਤਾਬ ਦ੍ਰਿਸ਼ਟੀ, ਪੁਸਤਕ ਦ੍ਰਿਸ਼ਟੀ, ਪੁਸਤਕ ਭਾਵਨਾ ਤੋਂ ਉਠ ਕੇ ਜਾਹਰਾ ਆਪਣੇ ਦਸਵੇਂ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕ ਲਈਏ।
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
