ਸ਼ਸਤ੍ਰਨ ਸੋਂ ਅਤਿ ਹੀ ਰਣ ਭੀਤਰ ਜੂਝ ਮਰੋਂ ਤਊ ਸਾਚ ਪਤੀਜੈ - ਚਾਰੋਂ ਸਾਹਿਬਜ਼ਾਦਿਆਂ ਨੇ ਸਿੱਖੀ ਨੂੰ ਚਾਰ ਚੰਦ ਲਗਾ ਦਿੱਤੇ
ਸ਼ਸਤ੍ਰਨ ਸੋਂ ਅਤਿ ਹੀ ਰਣ ਭੀਤਰ ਜੂਝ ਮਰੋਂ ਤਊ ਸਾਚ ਪਤੀਜੈ - ਚਾਰੋਂ ਸਾਹਿਬਜ਼ਾਦਿਆਂ ਨੇ ਸਿੱਖੀ ਨੂੰ ਚਾਰ ਚੰਦ ਲਗਾ ਦਿੱਤੇ
ਸਿੱਖ ਅਤੇ ਗੁਰੂ ਦੇ ਪਾਕ ਰਿਸ਼ਤੇ ਨੂੰ ਸਿੱਖੀ ਕਹਿੰਦੇ ਹਨ।
ਸਾਧ ਸੰਗਤ ਜੀ ਇਹ ਸਿੱਖੀ ਉਹ ਪ੍ਰਕਾਸ਼ ਹੈ ਜਿਸ ਪ੍ਰਕਾਸ਼ ਦੇ ਵਿੱਚ ਸਿੱਖ ਗੁਰੂ ਪਰਾਇਣ ਹੋ ਜਾਂਦਾ ਹੈ। ਸਿੱਖ ਗੁਰੂ ਦੇ ਉੱਤੇ ਕੁਰਬਾਨ ਹੋ ਜਾਂਦਾ ਹੈ, ਨਿਸਾਰ ਹੋ ਜਾਂਦਾ ਹੈ, ਫ਼ਨਾਹ ਹੋ ਜਾਂਦਾ ਹੈ, ਨਿਛਾਵਰ ਹੋ ਜਾਂਦਾ ਹੈ।
ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨ-ਕਮਲਾਂ ਵਿੱਚ ਇਸ ਸਿੱਖੀ ਰਸ ਨੂੰ ਪੀਂਦੇ ਹਨ। ਉਹ ਚਰਨਾਂ ਦੇ ਵਿੱਚ ਜਿਸ ਨਿਮਰਤਾ ਅਤੇ ਗਰੀਬੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਪ੍ਰੇਮ ਕਰਦੇ ਹਨ।
ਸਾਧ ਸੰਗਤ ਜੀ ਉਹ ਸਾਰੀਆਂ ਗੁੱਝੀਆਂ ਰਮਜ਼ਾਂ, ਗੁੱਝੀਆਂ ਜੁਗਤੀਆਂ, ਗੁਝੇ ਰਹੱਸ, ਜੋ ਸਿੱਖ ਅਤੇ ਗੁਰੂ ਦੇ ਪਾਕ ਰਿਸ਼ਤੇ ਦੇ ਵਿੱਚ, ਜਿਹੜੇ ਪ੍ਰਕਾਸ਼ ਛੁੱਪੇ ਹੋਏ ਹਨ ਉਹ ਸਾਰਿਆਂ ਨੂੰ ਕਿਸ ਤਰ੍ਹਾਂ ਪ੍ਰਕਾਸ਼ਿਤ ਕਰਦੇ ਹਨ। ਇਹ ਤਾਂ ਉਹ ਅੰਮ੍ਰਿਤ ਬਾਣੀ ਹੀ ਇਸ ਚੀਜ਼ ਦੀ ਗਵਾਹ ਹੈ, ਸਾਖੀ ਹੈ ਕਿ ਕਿਸ ਤਰ੍ਹਾਂ ਇਸ ਸਿੱਖੀ ਰਸ ਨੂੰ ਗੁਰੂ ਅੰਗਦ ਸਾਹਿਬ ਨੇ ਮਾਣਿਆ, ਗੁਰੂ ਅਮਰਦਾਸ ਜੀ ਨੇ ਮਾਣਿਆ, ਗੁਰੂ ਰਾਮਦਾਸ ਜੀ ਨੇ ਮਾਣਿਆ। ਗੁਰੂ ਅਰਜਨ ਪਾਤਸ਼ਾਹ ਜੀ ਨੇ ਮਾਣਿਆ ਅਤੇ ਜਿਸ ਤਰ੍ਹਾ ਗੁਰੂ ਸਾਹਿਬ ਨੇ ਸਿੱਖੀ ਰਸ ਪੀਤਾ ਹੈ। ਇਸ ਸਿੱਖੀ ਨੂੰ ਚਾਰ ਚੰਦ ਲਗਾਉਣ ਵਾਲੇ ਚਾਰੋਂ ਸਾਹਿਬਜ਼ਾਦਿਆਂ ਦੀਆਂ, ਥੋੜ੍ਹੀਆਂ ਜਿਹੀਆਂ ਕੁੱਝ ਰਹੱਸ ਕੁੱਝ ਜੁਗਤੀਆਂ ਦੇ ਝਲਕ ਮਾਤਰ ਦਰਸ਼ਨ ਕਰਨੇ ਹਨ।
ਜੇ ਗੁਰੂ ਅੰਗਦ ਸਾਹਿਬ ਨੂੰ ਆਪਣੇ ਸਤਿਗੁਰੂ ਦੇ ਪਿਆਰ ਵਿੱਚ ਇੱਕ ਵੀ ਹੋਰ ਚੀਜ਼ ਨਹੀਂ ਹੈ, ਇੱਕ ਵੀ ਹੋਰ ਧਿਆਨ ਨਹੀਂ ਹੈ, ਇੱਕ ਵੀ ਹੋਰ ਮੰਗ ਨਹੀਂ ਹੈ, ਗੁਰੂ ਨਾਨਕ ਨਿਰੰਕਾਰ ਤੋਂ ਇਲਾਵਾ ਕੋਈ ਹੋਰ ਨਿਰੰਕਾਰ ਨਹੀਂ ਹੈ। ਗੁਰੂ ਦੀ ਗੱਦੀ ਵੱਲ ਧਿਆਨ ਗਿਆ ਹੈ? ਕੋਈ ਵੀ ਹੋਰ ਇੱਛਾ ਹੈ? ਗੁਰੂ ਨਾਨਕ ਨਿਰੰਕਾਰ ਦੀ ਸ਼ਕਤੀ ਨੂੰ ਉਨ੍ਹਾਂ ਨੇ ਹੱਥ ਪਾਇਆ ਹੈ ਜਾਂ ਉਹਦੀ ਇੱਛਾ ਕੀਤੀ ਹੈ? ਜਿਹੜੇ ਚਾਰ ਚੰਦ ਉਹ ਲਗਾ ਰਹੇ ਹਨ...
ਸਿੱਖੀ ਦਾ ਪਹਿਲਾ ਅਸੂਲ ਹੈ ਕਿ ਸਿੱਖ ਕਦੀ ਸ਼ਕਤੀ ਨੂੰ ਹੱਥ ਨਹੀਂ ਪਾਉਂਦਾ।
...ਗੁਰੂ ਅੰਗਦ ਸਾਹਿਬ ਨੇ ਕਦੀ ਕੋਈ ਕਰਾਮਾਤ ਦਿਖਾਈ? ਜਿਸ ਨਿਮਰਤਾ ਤੇ ਗਰੀਬੀ ਵਿੱਚ ਸਿੱਖੀ ਦਾ ਪ੍ਰਕਾਸ਼ ਪ੍ਰਗਟ ਹੁੰਦਾ ਹੈ ਉੱਥੇ ਇੱਕ ਚੀਜ਼ ਤਾਂ ਕਮਾਲ ਹੈ ਕਿ ਗੁਰੂ ਨਾਨਕ ਦੇ ਘਰ ਉਸ ਸਿੱਖੀ ਦੇ ਪ੍ਰਕਾਸ਼ ਦੇ ਵਿੱਚ ਕਰਾਮਾਤ ਦਿਖਾਣਾ ਮਨ੍ਹਾਂ ਹੈ।
ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਫ਼ੁਰਮਾ ਰਹੇ ਹਨ ਕਿ-
ਕਰਾਮਾਤ ਦਿਖਾਣਾ ਸਿੱਧਾਂ ਦਾ ਕੰਮ ਹੈ
ਸਿੱਖ ਦੀ ਕਰਨੀ ਹੀ ਸਬ ਤੋਂ ਵੱਡੀ ਕਰਾਮਾਤ ਹੈ।
ਜ਼ਰਾ ਸੋਚ ਕੇ ਦੇਖੀਏ ਕਿ ਇਹ ਜਿਹੜੇ ਚਾਰ ਚੰਦ ਲਗਾ ਰਹੇ ਹਨ।
ਪਹਿਲਾ ਤਾਂ ਹੈ ਕਿ ਸਿੱਖੀ ਦੇ ਵਿੱਚ ਸਿੱਖ ਕਦੀ ਸ਼ਕਤੀ ਨੂੰ ਹੱਥ ਨਹੀਂ ਪਾਉਂਦਾ। ਸਾਹਿਬਜ਼ਾਦਿਆਂ ਨੇ ਇਸ ਰਮਜ਼ ਨੂੰ ਪ੍ਰਕਾਸ਼ਿਤ ਕੀਤਾ ਹੈ।
ਦੂਜਾ ਹੈ ਸਿੱਖ ਕਦੀ ਕੋਈ ਕਰਾਮਾਤ ਨਹੀਂ ਦਿਖਾਉਂਦਾ। ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਦੇ ਉਸ ਫ਼ੁਰਮਾਣ ਦੇ ਵਿੱਚ ਤੁਸੀਂ ਇਹ ਚੀਜ਼ ਨੂੰ ਆਪ ਹੀ ਪਰਖ ਲਓ ਕਿ ਚਾਰੇ ਸਾਹਿਬਜ਼ਾਦਿਆਂ ਨੇ ਉਸ ਵੇਲੇ ਕੋਈ ਕਰਾਮਾਤ ਦਿਖਾਈ? ਉਹ ਸਿੱਖੀ ਨੂੰ ਕਿਹੜੇ ਚਾਰ ਚੰਦ ਲਗਾ ਰਹੇ ਹਨ?
ਤੀਜਾ ਹੈ ਉਹ ਸਿੱਖ ਜਿਹੜਾ ਗੁਰੂ ਪਰਾਇਣ ਹੋ ਜਾਂਦਾ ਹੈ, ਜਿਹੜਾ ਗੁਰੂ ਤੇ ਮਰ ਮਿੱਟਦਾ ਹੈ, ਗੁਰੂ ਤੇ ਫ਼ਨਾਹ ਹੋ ਜਾਂਦਾ ਹੈ। ਜਿਹੜਾ ਸਿੱਖ ਆਪਣੇ ਆਪ ਨੂੰ ਉਸ ਚਰਨ-ਕਮਲਾਂ ਦੀ ਧੂੜ ਵਿੱਚ ਹੀ ਮਿਲਾ ਦਿੰਦਾ ਹੈ, ਗੁਰੂ ਦੇ ਅੰਮ੍ਰਿਤ ਬਚਨਾਂ ਦੇ ਉੱਤੇ ਨਿਛਾਵਰ ਹੋ ਜਾਂਦਾ ਹੈ। ਸਾਧ ਸੰਗਤ ਜੀ ਉਹ ਸਿੱਖ ਕਦੀ ਆਪਣੇ ਬਚਾਉ ਵਾਸਤੇ, ਆਪਣੇ ਕਿਸੇ ਸਵਾਰਥ ਵਾਸਤੇ ਅਰਦਾਸ ਕਰੇਗਾ? ਸਾਹਿਬਜ਼ਾਦਿਆਂ ਨੇ ਅਰਦਾਸ ਕੀਤੀ?
ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਫ਼ੁਰਮਾਉਣ ਲੱਗੇ-
ਇਸ ਪ੍ਰੇਮ ਦੇ ਪ੍ਰਕਾਸ਼ ਦੇ ਵਿੱਚ ਤਾਂ ਸਿੱਖ ਨੇ ਦੇਣਾ ਹੀ ਦੇਣਾ ਹੈ, ਲੈਣਾ ਕੁੱਝ ਨਹੀਂ। ਜੇ ਸਿੱਖ ਨੇ ਕੁੱਝ ਲੈਣਾ ਹੈ ਤਾਂ ਜੁਦਾਈ ਹੈ, ਉਸ ਲੈਣ ਦੇ ਵਿੱਚ ਜੁਦਾਈ ਹੈ। ਸਿੱਖ ਗੁਰੂ ਦੇ ਅੱਗੇ ਕਦੀ ਆਪਣੇ ਵਾਸਤੇ ਅਰਦਾਸ ਨਹੀਂ ਕਰਦਾ, ਕੁੱਝ ਨਹੀਂ ਮੰਗਦਾ, ਕੁੱਝ ਨਹੀਂ ਲੈਂਦਾ।
ਇਹ ਤੀਜੀ ਜੁਗਤੀ ਹੈ ਰਹੱਸ ਹੈ। ਸਿੱਖ ਗੁਰੂ ਦੇ ਉੱਤੇ ਨਿਸਾਰ ਹੋ ਜਾਂਦਾ ਹੈ।
ਬਾਬਾ ਨੰਦ ਸਿੰਘ ਸਾਹਿਬ ਇੱਕ ਦਿਨ ਫੁਰਮਾਉੁਂਣ ਲਗੇ-
ਵੀਰਤਾ ਸਹਿਤ ਭਗਤੀ ਨੂੰ ਸਿੱਖੀ ਕਹਿੰਦੇ ਹਨ।
ਜਿਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਇਸ ਮੌਤ ਨੂੰ ਇਸ ਸ਼ਹਾਦਤ ਨੂੰ ਸਤਿਕਾਰਿਆ ਹੈ, ਪਿਆਰਿਆ ਹੈ ਤੇ ਨਿਹਾਰਿਆ ਹੈ ਕੋਈ ਮਿਸਾਲ ਉਸਦੀ ਹੈ? ਇੰਨੇ ਮਾਸੂਮ ਬੱਚੇ ਜਿਸ ਮੌਤ ਤੋਂ ਦੁਨੀਆਂ ਡਰਦੀ ਹੈ ਉਸ ਮੌਤ ਨੂੰ ਜੂਝਦੇ ਕਿਸ ਤਰ੍ਹਾਂ ਹਨ। ਸਾਧ ਸੰਗਤ ਜੀ ਇੱਕ ਚੀਜ਼ ਹੋਰ ਕਦੀ ਨਾ ਭੁਲੀਏ, ਜਿਸ ਦਰਦਨਾਕ ਵਾਤਾਵਰਨ ਦੇ ਵਿੱਚ, ਹਾਲਾਤ ਦੇ ਵਿੱਚ ਇਹ ਸਾਰੇ ਕਸ਼ਟ ਸਾਹਿਬਜ਼ਾਦੇ ਆਪਣੇ ਉੱਤੇ ਲੈ ਰਹੇ ਹਨ, ਕਿਸ ਦਇਆ ਅਤੇ ਤਰਸ ਦੇ ਸਮੁੰਦਰ ਵਿੱਚ ਸਾਡੇ ਉੱਤੇ ਕਿਹੜੀਆਂ ਮਿਹਰਾਂ, ਬਖਸ਼ਿਸ਼ਾਂ ਕਰ ਰਹੇ ਹਨ। ਕਮਾਲ ਹੈ ਉਸ ਦਰਦਨਾਕ ਵਾਤਾਵਰਨ ਨੂੰ ਯਾਦ ਕਰਦੇ ਹੋਏ ਜਿਸ ਵਕਤ ਧਿਆਨ ਵੀ ਜਾਂਦਾ ਹੈ, ਜਿਸ ਤਰ੍ਹਾਂ ਉਹ ਬਖਸ਼ਿਸ਼ ਉਨ੍ਹਾਂ ਨੇ ਸਾਡੇ ਉੱਤੇ ਕੀਤੀ ਹੈ, ਰਹਿੰਦੀ ਦੁਨੀਆਂ ਤਕ ਕੀਤੀ ਹੈ। ਜਿਹੜਾ ਉਨ੍ਹਾਂ ਨੇ ਰੰਗ ਇਸ ਪ੍ਰਕਾਸ਼ ਦੇ ਵਿੱਚ ਭਰਿਆ ਹੈ, ਜਿਹੜਾ ਸਮੇਂ ਨਾਲ ਚੱਕਰ ਚੱਲ ਰਿਹਾ ਹੈ। ਸਾਧ ਸੰਗਤ ਜੀ ਉਸ ਦਰਦ ਦੇ ਵਿੱਚ ਜਿਸ ਵਕਤ ਅਸੀਂ ਆਪਣੇ ਹੀ ਸਾਹਿਬ ਸਤਿਗੁਰੂ ਦੇ ਚਾਰੋਂ ਸਾਹਿਬਜ਼ਾਦਿਆਂ ਨੂੰ ਚੇਤੇ ਕਰਦੇ ਹਾਂ। ਉਸ ਵੇਲੇ ਉਸ ਪ੍ਰੇਮ ਦੀ ਯਾਦ ਦੇ ਵਿੱਚ, ਜਿਸ ਵਕਤ ਉਸ ਦਰਦ ਨੂੰ ਥੋੜ੍ਹਾ ਵੀ ਅਨੁਭਵ ਕਰਦੇ ਹਾਂ ਤਾਂ ਉਸ ਵੇਲੇ ਉਸ ਅਨੁਭਵ ਦਾ ਇਸ ਤਰ੍ਹਾਂ ਦਾ ਅਸਰ ਹੁੰਦਾ ਹੈ ਕਿ ਸਾਹਿਬਜ਼ਾਦਿਆਂ ਦੀ ਉਹ ਪ੍ਰਕਾਸ਼ਮਈ ਪ੍ਰੇਰਨਾ ਸਾਨੂੰ ਆਪਣੇ ਹੀ ਪ੍ਰਕਾਸ਼ ਵਿੱਚ ਖਿੱਚ ਲੈਂਦੀ ਹੈ।
ਦੇਹ ਸਿਵਾ ਬਰ ਮੋਹਿ ਇਹੈ
ਸੁਭ ਕਰਮਨ ਤੇ ਕਬਹੂੰ ਨ ਟਰੋਂ ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ
ਨਿਸਚੈ ਕਰ ਆਪਨੀ ਜੀਤ ਕਰੋਂ ॥
ਅਰੁ ਸਿੱਖ ਹੌ ਆਪਨੇ ਹੀ ਮਨ ਕੌ
ਇਹ ਲਾਲਚ ਹਉ ਗੁਨ ਤਉ ਉਚਰੋਂ ॥
ਜਬ ਆਵ ਕੀ ਅਉਧ ਨਿਧਾਨ ਬਨੈ
ਅਤਿ ਹੀ ਰਨ ਮੈ ਤਬ ਜੂਝ ਮਰੋਂ ॥
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
