ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ - ਸਤ, ਸੰਤੋਖੁ ਤੇ ਬ੍ਰਹਮ ਵੀਚਾਰ

Humbly request you to share the message with all you know on the planet!

ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ - ਸਤ, ਸੰਤੋਖੁ ਤੇ ਬ੍ਰਹਮ ਵੀਚਾਰ

ਮੇਰੇ ਸਾਹਿਬ, ਮੇਰੇ ਸਤਿਗੁਰੂ, ‘ਗੁਰੁ ਅਰਜਨੁ ਪਰਤਖ੍ਹ ਹਰਿ’ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਾ ਕਰ ਲਿਆ, ਮੁਕੰਮਲ ਕਰ ਲਿਆ ਆਖ਼ਰੀ ਮੋਹਰ ਕੀ ਲਗਾਉਂਦੇ ਹਨ, ਆਖਰੀ ਬਖਸ਼ਿਸ਼ ਕੀ ਕਰਦੇ ਹਨ। ਸਾਹਿਬ ਅਖ਼ੀਰ ਦੇ ਵਿੱਚ ਕੀ ਫ਼ੁਰਮਾਉਂਦੇ ਹਨ-

ਮੁੰਦਾਵਣੀ ਮਹਲਾ-5
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ 
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ 
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ 
ਤਮ ਸੰਸਾਰੁ ਚਰਨ ਲਗਿ ਤਰੀਐ 
ਸਭੁ ਨਾਨਕ ਬ੍ਰਹਮ ਪਸਾਰੋ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1429 

ਫਿਰ ਮੋਹਰ ਲਗਾ ਦਿੱਤੀ। ਸੱਚੇ ਪਾਤਸ਼ਾਹ ਫਿਰ ਕੀ ਫ਼ੁਰਮਾਉਂਦੇ ਹਨ : 

ਸਲੋਕ ਮਹਲਾ-5
ਤੇਰਾ ਕੀਤਾ ਜਾਤੋ ਨਾਹੀ 
ਮੈਨੋ ਜੋਗੁ ਕੀਤੋਈ ॥ 
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ 
ਆਪੇ ਤਰਸੁ ਪਇਓਈ ॥ 
ਤਰਸੁ ਪਇਆ ਮਿਹਰਾਮਤਿ ਹੋਈ 
ਸਤਿਗੁਰੁ ਸਜਣੁ ਮਿਲਿਆ ॥ 
ਨਾਨਕ ਨਾਮੁ ਮਿਲੈ ਤਾਂ ਜੀਵਾਂ 
ਤਨੁ ਮਨੁ ਥੀਵੈ ਹਰਿਆ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1429

ਇਸ ਥਾਲ (ਸ੍ਰੀ ਗੁਰੂ ਗ੍ਰੰਥ ਸਾਹਿਬ) ਵਿੱਚ, ਮੈਂ ਤਿੰਨ ਵਸਤੂਆਂ (ਸਤੁ ਸੰਤੋਖ ਤੇ ਵਿੱਚਾਰੋ) ਤਿਆਰ ਕਰ ਕੇ ਰੱਖ ਦਿੱਤੀਆਂ ਹਨ। “ਥਾਲ ਵਿੱਚ ਤਿਨਿ ਵਸਤੂ ਪਈਓ” ਵਸਤੂ ਸਤੁ, ਸੰਤੋਖੁ, ਵੀਚਾਰੋ ਹਨ। ਇਹ ਤਿੰਨ ਭੋਜਨ ਬਣਾਏ ਕਿਸ ਵਿੱਚ ਹਨ।

“ਅੰਮ੍ਰਿਤ ਨਾਮੁ ਠਾਕੁਰ ਕਾ ਪਇਓ, ਜਿਸਕਾ ਸਭਸੁ ਅਧਾਰੋ”,  ਜਿਸ ਨਾਮ ਦੇ ਆਸਰੇ ਤੇ ਸੱਭ ਕੁੱਝ ਖੜ੍ਹਾ ਹੈ ਉਹ ਅੰਮ੍ਰਿਤ ਨਾਮ ਦੇ ਨਾਲ ਤਿੰਨ ਪਕਵਾਨ ਤਿਆਰ ਕੀਤੇ ਹਨ, ਇਸ ਥਾਲ ਵਿੱਚ ਉਹ ਅੰਮ੍ਰਿਤ ਨਾਮ ਭਰ ਦਿੱਤਾ ਹੈ। 
"ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ"  ਜਿਹੜਾ ਇਸ ਇਲਾਹੀ ਭੋਜਨ ਨੂੰ ਛਕਦਾ ਹੈ, ਜਿਹੜਾ ਇਸ ਇਲਾਹੀ ਭੋਜਨ ਦਾ ਸਵਾਦ ਲੈਂਦਾ ਹੈ, ਭੁੰਚੈ ਦਾ ਮਤਲਬ ‘ਸਵਾਦ’ ਹੈ, ਸਵਾਦ ਨਾਲ ਛਕਦਾ ਹੈ...। “ਜਿਸ ਕਾ ਸਭਸੁ ਅਧਾਰੋ। "

ਏਹ ਵਸਤੁ ਤਜੀ ਨਹ ਜਾਈ”, ਇਹ ਜਿਹੜੀ ਇਲਾਹੀ ਵਸਤੂ ਹੈ, ਇਲਾਹੀ ਦਾਤ ਹੈ ਛੱਡੀ ਨਹੀਂ ਜਾ ਸਕਦੀ।

“ਨਿਤ ਨਿਤ ਰਖੁ ਉਰਿ ਧਾਰੋ” ਸੱਚੇ ਪਾਤਸ਼ਾਹ ਫ਼ੁਰਮਾਨ ਕਰਦੇ ਹਨ ਕਿ ਇਸ ਨੂੰ ਕਦੇ ਛੱਡਿਓ ਨਾ, ਇਸ ਨੂੰ ਆਪਣੇ ਨਿਤਨੇਮ ਦੇ ਨਾਲ ਰੋਜ਼ ਛਕੀ ਜਾਇਓ। ਸਾਹਿਬ ਇਹ ਸ਼ਬਦ ਫੁਰਮਾ ਕੇ, ਇਹ ਮੋਹਰ ਲਗਾ ਕੇ, ਗਰੀਬ ਨਿਵਾਜ਼ ਕੀ ਫ਼ੁਰਮਾਉਂਦੇ ਹਨ-

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1429

ਸਾਹਿਬ ਨਿਮਰਤਾ ਦੇ ਪੁੰਜ, ਨਿਮਰਤਾ ਦੇ ਅਵਤਾਰ, ਪੈਗੰਬਰ ਕਿਸ ਨਿਮਰਤਾ ‘ਚ ਵਿੱਚਰਦੇ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖ਼ੀਰ ਵਿੱਚ ਸੱਚੇ ਪਾਤਸ਼ਾਹ ਫ਼ੁਰਮਾਉਂਦੇ ਹਨ-

ਹੇ ਮੇਰੇ ਅਕਾਲ ਪੁਰਖ ਪ੍ਰਭੂ, ਹੇ ਮੇਰੇ ਸਾਹਿਬ ਸੱਚੇ ਪਾਤਸ਼ਾਹ “ਤੇਰਾ ਕੀਤਾ ਜਾਤੋ ਨਾਹੀ” ਤੂੰ ਜੋ ਕੁੱਝ ਕੀਤਾ ਹੈ ਅਤੇ ਕਰਵਾਇਆ ਉਸ ਨੂੰ ਸਮਝਣ ਦੀ, ਉਸ ਨੂੰ ਜਾਨਣ ਦੀ ਮੇਰੇ ‘ਚ ਸਮਰੱਥਾ ਨਹੀਂ, ਮੇਰੇ ‘ਚ ਯੋਗਤਾ ਨਹੀਂ, ਮੈਂ ਨਿਰਗੁਣਆਰਾ ਹਾਂ, ਮੈਂ ਗੁਣਹੀਨ ਹਾਂ। ਸੱਚੇ ਪਾਤਸ਼ਾਹ ਮੇਰੇ ਵਿੱਚ ਇੱਕ ਵੀ ਗੁਣ ਨਹੀਂ।

ਇਹ ਮੇਰੇ ਗੁਰੂ ਅਰਜਨੁ ਪਰਤਖ੍ਹ ਹਰਿ ਫ਼ੁਰਮਾ ਰਹੇ ਹਨ। ਆਪਣੇ ਆਪ ਦੇ ਬਾਰੇ ‘ਚ ਕਿ ਮੈਂ ਗੁਣਹੀਨ ਹਾਂ, ਮੇਰੇ ‘ਚ ਇੱਕ ਵੀ ਗੁਣ ਨਹੀਂ। ਸੱਚੇ ਪਾਤਸ਼ਾਹ ਤੂੰ ਆਪ ਹੀ ਤਰਸ ਕੀਤਾ ਹੈ। ਸੱਚੇ ਪਾਤਸ਼ਾਹ ਜੋ ਤੂੰ ਕੀਤਾ ਕਰਾਇਆ ਹੈ ਇਹ ਤੇਰਾ ਤਰਸ ਹੈ, ਇਹ ਤੇਰਾ ਨਿਰੋਲ ਤਰਸ ਹੀ ਤਰਸ ਹੈ, ਤੇਰੀ ਰਹਿਮਤ ਹੈ। ਸੱਚੇ ਪਾਤਸ਼ਾਹ ਮੇਰੇ ਵਿੱਚ ਤਾਂ ਇੱਕ ਵੀ ਗੁਣ ਨਹੀਂ, ਮੈ ਗੁਣਹੀਨ ਹਾਂ, ਗਰੀਬ ਨਿਵਾਜ਼ ਤੂੰ ਕੈਸਾ ਤਰਸ ਕੀਤਾ ਹੈ, ਤੂੰ ਕੈਸੀ ਮਿਹਰ ਕੀਤੀ ਹੈ, ਕੈਸੀ ਰਹਿਮਤ ਕੀਤੀ ਹੈ। ਸੱਚੇ ਪਾਤਸ਼ਾਹ ਇਹ ਤੇਰੇ ਤਰਸ ਦੀ ਹੀ ਬਰਕਤ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੂੰ ਆਪ ਹੀ ਮੁਕੰਮਲ ਕਰਵਾਇਆ ਹੈ, ਸੱਭ ਕੁੱਝ ਕੀਤਾ ਕਰਾਇਆ ਤੂੰ ਹੈ।

ਸਾਹਿਬ ਨਿਮਰਤਾ ਵਿੱਚ ਕੋਈ ਮਾਣ ਨਹੀਂ ਲੈ ਰਹੇ, ਕੋਈ ਵਡਿਆਈ ਨਹੀਂ ਲੈ ਰਹੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਜਣ ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰਚਣ ਤੇ ਸਾਰੀ ਵਡਿਆਈ ਅਕਾਲ ਪੁਰਖ ਪ੍ਰਭੂ ਨੂੰ ਦੇ ਰਹੇ ਹਨ। ਆਪ ਲਾਂਭ੍ਹੇ ਖੜ੍ਹੇ ਹੋ ਗਏ ਹਨ, ਆਪਣੇ ਆਪ ਨੂੰ ਜਤਾ ਹੀ ਨਹੀਂ ਰਹੇ।

ਸਾਧ ਸੰਗਤ ਜੀ ਇਹ ਕਿਹੜੀ ਨਿਮਰਤਾ ਹੈ, ਜਿਹੜਾ ਪੰਜਵਾਂ ਗੁਰੂ ਨਾਨਕ ਦਿਖਾ ਰਿਹਾ ਹੈ। ਸੱਚੇ ਪਾਤਸ਼ਾਹ ਇਹ ਕੈਸਾ ਉਪਦੇਸ਼ ਦੇ ਰਹੇ ਹਨ।

ਆਓ ਇਸ ਚੀਜ਼ ਤੇ ਵਿਚਾਰ ਕਰੀਏ ਜਿਹੜਾ ਭੋਜਨ ਗੁਰੂ ਅਰਜਨ ਸਾਹਿਬ ਨੇ ਤਿਆਰ ਕੀਤਾ ਹੈ। ਜਿਹੜੀ ਇਹ ਬਾਣੀ ਤਿਆਰ ਕੀਤੀ ਹੈ, ਜਿਸ ਗੁਰਬਾਣੀ ਨੂੰ ਅਸੀਂ ਆਪਣਾ ਆਸਰਾ ਸਮਝਦੇ ਹਾਂ, ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਆਪਣਾ ਸੱਭ ਕੁੱਝ ਸਮਝਦੇ ਹਾਂ, ਜਿਹੜੀ ਗੁਰਬਾਣੀ ਸਾਡਾ ਰੋਜ਼ ਦਾ ਭੋਜਨ ਹੈ, ਅੱਜ ਉਸ ਭੋਜਨ ਦੇ ਬਾਰੇ ਦੱਸ ਰਹੇ ਹਨ ਕਿ ਇਸ ਨੂੰ ਰੋਜ਼ ਨਿਤਨੇਮ ਦੇ ਤੌਰ ਤੇ ਛਕਣਾ ਹੈ। ਜੈਸਾ ਅੰਨ ਵੈਸਾ ਮਨ, ਜਿਸ ਤਰ੍ਹਾਂ ਦਾ ਭੋਜਨ ਇਨਸਾਨ ਛਕਦਾ ਹੈ, ਉਸੇ ਤਰ੍ਹਾਂ ਦਾ ਉਸ ਦਾ ਮਨ ਹੋ ਜਾਂਦਾ ਹੈ। 

ਆਓ ਦੇਖੀਏ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖ਼ਾਲਸਾ ਹੈ, ਜਿਹੜਾ ਇਹ ਗੁਰਬਾਣੀ ਦਾ ਭੋਜਨ ਛਕ ਰਿਹਾ ਹੈ, ਜਿਹੜਾ ਇਹ ਅੰਮ੍ਰਿਤ ਨਾਮ ਛਕ ਰਿਹਾ ਹੈ ਉਹਦੇ ਲੱਛਣ ਕੀ ਹੋਣਗੇ, ਉਸਦੀਆਂ ਨਿਸ਼ਾਨੀਆਂ ਕੀ ਹੋਣਗੀਆਂ?

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
 

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...