ਪ੍ਰੇਮ, ਨਾਮ ਤੇ ਅੰਮ੍ਰਿਤ ਵਿਕਾਊ... - ਭਲੇ ਲੋਕੋ ਇਹ ਸੰਸਾਰ ਵੀ ਕਰਤਾਰ ਨੂੰ ਸਾਜ ਸਕਦਾ ਹੈ?
ਪ੍ਰੇਮ, ਨਾਮ ਤੇ ਅੰਮ੍ਰਿਤ ਵਿਕਾਊ... - ਭਲੇ ਲੋਕੋ ਇਹ ਸੰਸਾਰ ਵੀ ਕਰਤਾਰ ਨੂੰ ਸਾਜ ਸਕਦਾ ਹੈ?
ਆਉ ਜ਼ਰਾ ਦਸਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਸਾਹਿਬ ਕੀ ਦੱਸ ਰਹੇ ਹਨ।
ਜਿਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੁਬਾਰਾ ਲਿਖਵਾਇਆ, ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚੜ੍ਹਾਈ ਹੈ।
ਸਾਧ ਸੰਗਤ ਜੀ ਆਪਣੀ ਤੁਲਨਾਂ ਗੁਰੂ ਨਾਨਕ ਨਾਲ ਨਹੀਂ ਕੀਤੀ। ਉਸ ਵੇਲੇ ਸਾਹਿਬ ਐਨੀ ਬਾਣੀ ਉਚਾਰ ਚੁੱਕੇ ਸਨ। ਆਪ ਨੇ ਆਪਣੀ ਬਾਣੀ ਦੀ ਤੁਲਨਾਂ ਗੁਰੂ ਨਾਨਕ ਦੀ ਬਾਣੀ ਨਾਲ ਨਹੀਂ ਕੀਤੀ। ਇੱਕ ਸ਼ਬਦ ਵੀ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਚੜ੍ਹਾਇਆ। ਉਹ ਕਿਹੜੀ ਨਿਮਰਤਾ ਵਿੱਚ ਵਿਚਰ ਰਿਹਾ ਹੈ ਮੇਰਾ ਦਸਮੇਸ਼ ਪਿਤਾ, ਮੇਰਾ ਸਰਤਾਜ।
ਸਾਧ ਸੰਗਤ ਜੀ ਖ਼ਾਲਸਾ ਸਾਜਿਆ ਹੈ ਪਰ ਉਸ ਵੇਲੇ ਕਹਿ ਕੀ ਰਹੇ ਹਨ-
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ॥
ਨਹੀ ਮੋ ਸੇ ਗਰੀਬ ਕਰੋਰ ਪਰੇ ॥
ਉਸ ਵੇਲੇ ਕਰੋੜਾਂ ਦੀ ਹੀ ਆਬਾਦੀ ਸੀ। ਅੱਜ ਤਕ ਕਿਸੇ ਸਿਰਜਣਹਾਰ ਨੇ, ਸਾਜਣ ਵਾਲੇ ਨੇ ਜਿਸ ਚੀਜ਼ ਨੂੰ ਸਾਜਿਆ ਹੋਵੇ ਉਸਨੂੰ ਇੰਨੀ ਵਡਿਆਈ ਦਿੱਤੀ ਹੈ ਕਿ ਇਸ ਨੇ ਮੈਨੂੰ ਸਾਜਿਆ ਹੈ। ਸਾਧ ਸੰਗਤ ਜੀ....।
ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਸਾਜ ਸਕਦਾ ਹੈ? ਇਹ ਗੁਰੂ ਨਾਨਕ ਦੇ ਘਰ ਦੀ ਨਿਮਰਤਾ ਹੈ ਜਿਸ ਵਿੱਚ ਉਹ ਵਿਚਰ ਰਹੇ ਹਨ। ਜਿਸ ਵਕਤ ਸਾਹਿਬ ਇਹ ਕਹਿ ਰਹੇ ਹਨ, ਤੁਸੀਂ ਆਪ ਹੀ ਸੋਚ ਕੇ ਦੱਸੋ, ਭਲੇ ਲੋਕੋ ਇਹ ਸੰਸਾਰ ਵੀ ਕਰਤਾਰ ਨੂੰ ਸਾਜ ਸਕਦਾ ਹੈ? ਇਸ ਸੰਸਾਰ ਦੀ ਰਚਨਾ ਵੀ ਰਚਨਹਾਰ ਨੂੰ ਸਾਜ ਸਕਦੀ ਹੈ?
ਬਾਬਾ ਨੰਦ ਸਿੰਘ ਜੀ ਮਹਾਰਾਜ
ਦਸਮੇਸ਼ ਪਿਤਾ ਜਿਹੜੇ ਪ੍ਰਭੂ ਚਰਨਾਂ ਵਿੱਚੋਂ ਨਿਕਲ ਕੇ ਆਏ ਹਨ...
ਚਿਤ ਨ ਭਯੋ ਹਮਰੋ ਆਵਨ ਕਹ।
ਚੁਭੀ ਰਹੀ ਸ੍ਰਤਿ ਪ੍ਰਭ ਚਰਨਨ ਮਹ।
ਜਿਹੜੇ ਉਸ ਪ੍ਰਭੂ ਚਰਨਾਂ ਚੋਂ ਨਿਕਲ ਕੇ ਆਏ ਹਨ, ਆਪਣੇ ਆਪ ਨੂੰ ਕੁੱਝ ਨਹੀਂ ਕਿਹਾ। ਸਾਧ ਸੰਗਤ ਜੀ ! ਜਿਹੜੀ ਨਿਮਰਤਾ ਵਿੱਚ... ਜ਼ਰਾ ਸੋਚ ਕੇ ਦੇਖੋ।
ਜੇ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇ ਚਰਨਾਂ ਦੀ ਧੂੜ ਬਣ ਗਏ।
ਪਿਤਾ ਜੀ ਕਹਿਣ ਲੱਗੇ-
ਇਸ ਸਜਦੇ ਦਾ, ਇਹ ਡੰਡੌਤ ਕਰਨ ਦਾ, ਇਹ ਮੱਥਾ ਟੇਕਣ ਦਾ ਮਤਲਬ ਕੀ ਹੈ?
ਕਹਿਣ ਲੱਗੇ-
ਜਿਸ ਵਕਤ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਜਦਾ ਕੀਤਾ ਹੈ, ਮੱਥਾ ਟੇਕ ਦਿੱਤਾ ਫਿਰ ਉਹ ਆਪ ਉੱਠੇ ਹਨ? ਗੁਰੂ ਨਾਨਕ ਦੇ ਚਰਨਾਂ ਦੀ ਧੂੜ ਬਣ ਗਏ। ਫਿਰ ਗੁਰੂ ਨਾਨਕ ਦੇ ਚਰਨਾਂ ਦੀ ਧੂੜ ਵਿੱਚੋਂ ਪ੍ਰਗਟ ਕੌਣ ਹੋਇਆ? ਗੁਰੂ ਨਾਨਕ ਪਾਤਸ਼ਾਹ, ਗੁਰੂ ਨਾਨਕ ਨਿਰੰਕਾਰ। ਜੇ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੀ ਧੂੜ ਬਣੇ ਹਨ, ਉਸ ਧੂੜ ਵਿੱਚੋਂ, ਉਸ ਨਿਮਰਤਾ ਵਿੱਚੋਂ ਉਨ੍ਹਾਂ ਨੇ ਆਪਣਾ ਮਸਤਕ ਚੁੱਕਿਆ ਹੈ? ਉਸ ਮੱਥੇ, ਸਜਦੇ ਵਿੱਚੋਂ ਕੌਣ ਪ੍ਰਗਟ ਹੋਇਆ, ਉਹਦੇ ਵਿੱਚ ਉਹ ਆਪ ਤਾਂ ਹੈ ਹੀ ਨਹੀਂ, ਉਹ ਚਰਨਾਂ ਵਿੱਚ ਸਮਾ ਗਏ ਹਨ ਤੇ ਉੱਠਿਆ ਕੌਣ? ਗੁਰੂ ਨਾਨਕ ਪਾਤਸ਼ਾਹ। ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਜੀ ਦੀ ਇਹੀ ਮਿਸਾਲ ਲੈ ਲਵੋ।
ਜਿਸ ਵਕਤ ਦਸਮੇਸ਼ ਪਿਤਾ ਜੀ ਕਹਿ ਰਹੇ ਹਨ-
ਚਿਤ ਨ ਭਯੋ ਹਮਰੋ ਆਵਨ ਕਹ ॥
ਚੁਭੀ ਰਹੀ ਸ੍ਰਤਿ ਪ੍ਰਭ ਚਰਨਨ ਮਹ ॥
ਸੱਚੇ ਪਾਤਸ਼ਾਹ ਆਪ ਵਡਿਆਈ ਲੈ ਹੀ ਨਹੀਂ ਰਹੇ ਸਾਰੀ ਵਡਿਆਈ ਪ੍ਰਭੂ ਨੂੰ ਦੇ ਰਹੇ ਹਨ।
ਜਿਹੜੇ ਪ੍ਰਭੂ ਦੇ ਚਰਨਾਂ ਵਿੱਚ ਸੁਰਤ, ਬਿਰਤੀ ਚੁਭੀ ਹੋਈ ਹੈ, ਉਨ੍ਹਾਂ ਚਰਨਾਂ ਵਿੱਚੋਂ ਪ੍ਰਗਟ ਹੋ ਕੇ ਇਸ ਸੰਸਾਰ ਵਿੱਚ ਆਇਆ ਕੌਣ ਹੈ? ਸਾਧ ਸੰਗਤ ਜੀ ! ਉਹ ਪ੍ਰਭੂ ਹੀ ਆਇਆ ਹੈ ਕੋਈ ਹੋਰ ਨਹੀਂ ਆਇਆ, ਉਹ ਨਿਰੰਕਾਰ ਹੀ ਆਇਆ ਹੈ।
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
