ਸ਼ਸਤ੍ਰਨ ਸੋਂ ਅਤਿ ਹੀ ਰਣ ਭੀਤਰ ਜੂਝ ਮਰੋਂ ਤਊ ਸਾਚ ਪਤੀਜੈ - ਸਿੱਖ ਅਤੇ ਗੁਰੁ ਦਾ ਪਾਕ ਰਿਸ਼ਤਾ

Humbly request you to share the message with all you know on the planet!

ਸ਼ਸਤ੍ਰਨ ਸੋਂ ਅਤਿ ਹੀ ਰਣ ਭੀਤਰ ਜੂਝ ਮਰੋਂ ਤਊ ਸਾਚ ਪਤੀਜੈ - ਸਿੱਖ ਅਤੇ ਗੁਰੁ ਦਾ ਪਾਕ ਰਿਸ਼ਤਾ

ਸਾਧ ਸੰਗਤ ਜੀ ਇਹ ਨਿਰੰਕਾਰ ਦੇ ਪ੍ਰਕਾਸ਼ ਦੀ ਡੋਰ ਚੱਕਰ ਦੇ ਨਾਲ ਜਿਹੜਾ ਸਮੇਂ ਦਾ ਚੱਕਰ ਨਾਲ ਚੱਲ ਰਿਹਾ ਹੈ, ਇਸ ਪ੍ਰਕਾਸ਼ ਦੇ ਵਿੱਚ ਰਹਿੰਦੀ ਦੁਨੀਆਂ ਤਕ ਰਹਿਣ ਵਾਲਾ ਰੰਗ ਸਾਹਿਬ ਭਰ ਗਏ ਹਨ।

ਮਹਾਂਰਿਸ਼ੀ ਬਾਲਮੀਕ ਜੀ ਆਪਣੀ ਰਾਮਾਇਣ ਦੇ ਵਿੱਚ ਇੱਕ ਅੰਮ੍ਰਿਤ ਬਚਨ ਲਿਖਦੇ ਹਨ। ਜਿਸ ਵਕਤ ਭਗਵਾਨ ਰਾਮ ਜੀ ਨੂੰ ਬਨਵਾਸ ਹੋ ਗਿਆ ਹੈ, ਲਛਮਣ ਜੀ ਉਸ ਚੀਜ਼ ਨੂੰ ਜਰ ਨਹੀਂ ਸਕਦੇ। ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਹੇ ਮੇਰੇ ਵੀਰ ਇਹ ਜੋ ਫ਼ੈਸਲਾ ਹੈ, ਇਹ ਗ਼ਲਤ ਹੈ, ਇਹ ਕਿਸੇ ਮਜਬੂਰੀ ਵਿੱਚ ਕੀਤਾ ਗਿਆ ਹੈ, ਇਹ ਫ਼ੈਸਲਾ ਨਹੀਂ ਮਨਣਾ ਚਾਹੀਦਾ। ਭਗਵਾਨ ਰਾਮ ਸੱਭ ਸੁਣਦੇ ਰਹੇ ਪਰ ਜਵਾਬ ਇੱਕ ਹੀ ਦਿੱਤਾ ਹੈ ਰਾਮ ਆਗਿਆ ਪਾਲਕ ਹੈ, ਆਗਿਆ ਵਿਚਾਰਕ ਨਹੀਂ। ਜੋ ਆਗਿਆ ਉਨ੍ਹਾਂ ਦੇ ਪੂਜਿਆ ਪਿਤਾ ਜੀ ਨੇ ਦਿੱਤੀ ਸੀ ਉਸਦੀ ਹੁਕਮ ਦੀ ਪਾਲਨਾ ਕਿਸ ਤਰ੍ਹਾਂ ਕਰਦੇ ਹਨ। ਸਾਧ ਸੰਗਤ ਉਸ ਪਾਲਨਾ ਦੇ ਵਿੱਚ ਜੋ ਭਗਵਾਨ ਰਾਮ ਜੀ ਨੇ 14 ਸਾਲ ਬਚਿੱਤਰ ਲੀਲ੍ਹਾ ਰਚੀ ਹੈ ਜਿਸ ਦੇ ਨਾਲ ਇਹ ਰਾਮਾਇਣ ਬਣੀ। ਸਾਧ ਸੰਗਤ ਜੀ ਰਹਿੰਦੀ ਦੁਨੀਆਂ ਤਕ ਉਸ ਪ੍ਰੇਮ ਦਾ, ਉਸ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਨੂੰ ਭਰ ਗਏ ਹਨ।

ਬਾਬਾ ਨੰਦ ਸਿੰਘ ਸਾਹਿਬ ਸਿੱਖ ਅਤੇ ਸਤਿਗੁਰੂ ਦੇ ਰਿਸ਼ਤੇ ਪ੍ਰਤੀ ਬਚਨ ਕਰਦੇ ਹੋਏ ਫੁਰਮਾਉਣ ਲੱਗੇ-

ਅਰਜਨ ਅਤੇ ਦੁਰਯੋਧਨ ਦੋਨੋਂ ਹੀ ਭਗਵਾਨ ਕ੍ਰਿਸ਼ਨ ਦੇ ਚਰਨਾਂ ‘ਚ ਪਹੁੰਚਦੇ ਹਨ। ਭਗਵਾਨ ਕ੍ਰਿਸ਼ਨ ਆਰਾਮ ਕਰ ਰਹੇ ਸਨ, ਅਰਜਨ ਉਨ੍ਹਾਂ ਦੇ ਚਰਨਾਂ ਵੱਲ ਬੈਠ ਕੇ ਇੰਤਜ਼ਾਰ ਕਰ ਰਿਹਾ ਹੈ। ਇੰਨੀ ਦੇਰ ਨੂੰ ਦੁਰਯੋਧਨ ਵੀ ਪਹੁੰਚ ਗਿਆ ਅਤੇ ਉਹ ਉਨ੍ਹਾਂ ਦੇ ਸਰ੍ਹਾਨੇ ਵੱਲ ਬੈਠ ਗਿਆ। ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਭਗਵਾਨ ਉਠਣਗੇ। ਜਿਸ ਵਕਤ ਉਨ੍ਹਾਂ ਨੇ ਨੇਤਰ ਖੋਲ੍ਹੇ ਤਾਂ ਪਹਿਲੀ ਨਜ਼ਰ ਅਰਜਨ ਤੇ ਪਈ ਹੈ ਜਦੋਂ ਸਰ੍ਹਾਨੇ ਵੱਲ ਦੇਖਿਆ ਤਾਂ ਦੁਰਯੋਧਨ ਬੈਠਾ ਸੀ।

ਪੁੱਛਿਆ- ਕਿਸ ਤਰ੍ਹਾਂ ਆਉਣਾ ਹੋਇਆ। ਉਨ੍ਹਾਂ ਨੇ ਬੇਨਤੀ ਕੀਤੀ ਕਿ ਗਰੀਬ ਨਿਵਾਜ! ਆਪ ਸਾਡੇ ਦੋਨਾਂ ਵਿੱਚ ਕਿਸ ਪਾਸੇ ਹੋ, ਜਦੋਂ ਦੁਰਯੋਧਨ ਨੇ ਬੇਨਤੀ ਕੀਤੀ ਤਾਂ ਫਿਰ ਭਗਵਾਨ ਕ੍ਰਿਸ਼ਨ ਨੇ ਵਾਅਦਾ ਕੀਤਾ ਕਿ ਅਸੀ ਜੰਗ ਦੇ ਵਿੱਚ ਹਿੱਸਾ ਨਹੀਂ ਲਵਾਂਗੇ, ਦੇਖਾਂਗੇ ਜ਼ਰੂਰ ਪਰ ਨਿਹੱਥੇ ਦੇਖਾਂਗੇ। ਅਸੀਂ ਇੱਕ ਪਾਸੇ ਹਾਂ, ਇੱਕ ਪਾਸੇ ਸਾਡੀ ਸਾਰੀ ਸ਼ਕਤੀ, ਪੂਰੀ ਤਾਕਤ ਹੈ, ਫੋਜ ਹੈ, ਹੱਥਿਆਰ ਹਨ।

ਦੁਰਯੋਧਨ ਕਹਿਣ ਲੱਗਾ- ਜੀ ਮੈਂ ਮੰਗਾਂ।

ਭਗਵਾਨ ਕ੍ਰਿਸ਼ਨ ਫੁਰਮਾਉਣ ਲੱਗੇ ਕਿ- ਦੁਰਯੋਧਨ ਸਾਡੀ ਨਜ਼ਰ ਪਹਿਲੋਂ ਅਰਜਨ ਵੱਲ ਪਈ ਹੈ ਪਹਿਲੇ ਉਹ ਮੰਗੇਗਾ ਉਹਦੇ ਬਾਅਦ ਹੀ ਤੁਹਾਡੀ ਵਾਰੀ ਹੈ।

ਅਰਜਨ ਹੱਥ ਜੋੜ ਕੇ ਮੰਗ ਕੀ ਰਿਹਾ ਹੈ ਆਪਣੇ ਨਿਹੱਥੇ ਭਗਵਾਨ ਨੂੰ। ਸਿੱਖ ਤੇ ਗੁਰੂ ਦੇ ਰਿਸ਼ਤੇ ਪ੍ਰਤੀ ਬਾਬਾ ਨੰਦ ਸਿੰਘ ਸਾਹਿਬ ਬਚਨ ਕਰ ਰਹੇ ਸਨ, ਮੰਗ ਰਿਹਾ ਹੈ ਭਗਵਾਨ ਨੂੰ ਪਰ ਉਹ ਵੀ ਨਿਹੱਥੇ ਭਗਵਾਨ ਨੂੰ। ਕੀ ਮਜਾਲ ਹੈ ਉਹਦਾ ਧਿਆਨ ਵੀ ਉਨ੍ਹਾਂ ਦੀ ਸ਼ਕਤੀ, ਉਨ੍ਹਾਂ ਦੀ ਤਾਕਤ ਜਾਂ ਕਿਸੇ ਹੋਰ ਦਾਤ ਵੱਲ ਗਿਆ ਹੋਵੇ।

ਦੁਰਯੋਧਨ ਬੜਾ ਖੁਸ਼ ਹੋਇਆ। ਸੋਚ ਰਿਹਾ ਸੀ ਮੰਗਣਾ ਵੀ ਉਹੀ ਚੀਜ਼ ਚਾਹੁੰਦਾ ਸੀ, ਉਨ੍ਹਾਂ ਦੀ ਸ਼ਕਤੀ ਅਤੇ ਤਾਕਤ ਨੂੰ। ਪਰ ਸਾਧ ਸੰਗਤ ਜੀ ਜਿਸ ਵਕਤ ਜੰਗੇ ਮਹਾਂਭਾਰਤ ਦੇ ਮੈਦਾਨ ਵਿੱਚ ਖਲੋ ਕੇ ਜਦੋਂ ਭਗਵਾਨ ਕ੍ਰਿਸ਼ਨ ਦੋਨੋਂ ਪਾਸੇ ਦੇਖਦੇ ਹਨ ਉਸ ਵੇਲੇ ਅਰਜਨ ਕੁੱਝ ਪ੍ਰਸ਼ਨ ਪੁੱਛਣੇ ਸ਼ੁਰੂ ਕਰ ਦਿੰਦਾ ਹੈ।

ਪਿਤਾ ਜੀ ਸਮਝਾਉਂਦੇ ਹੋਏ ਫ਼ੁਰਮਾਉਣ ਲੱਗੇ ਕਿ-

ਅਰਜਨ ਦੇ ਵਿੱਚ ਕੋਈ ਕਮਜ਼ੋਰੀ ਨਹੀਂ ਸੀ। ਅਰਜਨ ਬੜਾ ਸੁਲਝਿਆ ਹੋਇਆ ਸੀ ਜਿਸਨੇ ਸਿਰਫ ਗੁਰੂ ਨੂੰ ਹੀ ਮੰਗਿਆ ਹੈ, ਆਪਣੇ ਸਤਿਗੁਰੂ ਨੂੰ ਹੀ ਮੰਗਿਆ ਹੈ। ਉਸ ਵੇਲੇ ਜਿਹੜੇ ਪ੍ਰਸ਼ਨ ਪੁੱਛ ਰਿਹਾ ਹੈ, ਜਿਹੜੀ ਜੁਗਤੀ ਵਰਤ ਰਿਹਾ ਹੈ ਉਹ ਕਿਸ ਕਰਕੇ, ਉਹੀ ਪ੍ਰਸ਼ਨ ਜਿਹੜੇ ਇੱਕ ਫ਼ਾਨੀ ਇਨਸਾਨ ਜਿਹੜੇ ਬੰਧਨਾ’ ‘ਚ ਉਹ ਫਸਿਆ ਹੁੰਦਾ ਹੈ, ਜਿਹੜੀਆਂ ਚੀਜ਼ਾਂ ਉਸ ਵੇਲੇ ਉਹ ਸੋਚਦਾ ਹੈ ਉਹ ਸਾਰੇ ਪ੍ਰਸ਼ਨ ਪੁੱਛੇ। ਉਹ ਭਗਵਾਨ ਕ੍ਰਿਸ਼ਨ ਦਾ ਸਾਰਾ ਪ੍ਰੇਮ ਪ੍ਰਸ਼ਨਾਂ ਰਾਹੀਂ ਖਿੱਚ ਲੈਂਦਾ ਹੈ। ਉਹ ਪ੍ਰੇਮ ਕਰਦੇ ਹਨ ਅਰਜਨ ਨਾਲ, ਅਰਜਨ ਜੁੱਗਤੀ ਵਰਤ ਰਿਹਾ ਹੈ। ਉਹ ਕਿਹਦੇ ਵਾਸਤੇ ਖਿੱਚ ਰਿਹਾ ਹੈ, ਰਹਿੰਦੀ ਦੁਨੀਆਂ ਤਕ ਜਿੰਨੇ ਵੀ ਪ੍ਰਸ਼ਨ ਕਿਸੇ ਫਾਨੀ ਇਨਸਾਨ ਦੇ ਮਨ ਦੇ ਵਿੱਚ ਪੈਦਾ ਹੋ ਸਕਦੇ ਹਨ, ਉਸ ਵੇਲੇ ਉਨ੍ਹਾਂ ਦਾ ਜਵਾਬ ਖਿੱਚ ਰਿਹਾ ਹੈ।

ਪਿਤਾ ਜੀ ਕਹਿਣ ਲੱਗੇ-

ਉਸ ਪ੍ਰੇਮ ਨੂੰ ਖਿੱਚ ਕੇ ਮਾਤਾ ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਉਸ ਪ੍ਰੇਮ ਦਾ ਪ੍ਰਸ਼ਾਦ ਅਰਜਨ ਨੇ ਵੰਡ ਦਿੱਤਾ। ਉਸੇ ਪ੍ਰੇਮ ‘ਚ ਜਿਸ ਵਕਤ ਬਚਨ ਕਰ ਰਹੇ ਹਨ ਭਗਵਾਨ ਫ਼ੁਰਮਾ  ਕੀ ਰਹੇ ਹਨ?

ਬਾਅਦ ਵਿੱਚ ਭਗਵਾਨ ਉਸਨੂੰ ਕਹਿਣ ਲੱਗੇ-

ਅਰਜਨ ਸਾਨੂੰ ਆਪਣਾ ਸਤਿਗੁਰੂ ਸਮਝ ਲੈ, ਸਤਿਗੁਰੂ ਮਨ ਲੈ, ਆਪਣੀ ਬੁੱਧੀ, ਆਪਣਾ ਮਨ, ਆਪਣੀ ਸੋਚ ਸਾਨੂੰ ਅਰਪਣ ਕਰ ਦੇ। ਸਾਡੀ ਆਗਿਆ, ਸਾਡੀ ਸੋਚ ਵਿੱਚ ਆ ਜਾ, ਜੋ ਅਸੀ ਆਗਿਆ ਦੇਵਾਂਗੇ ਉਸੇ ਤਰ੍ਹਾਂ ਚਲਦਾ ਰਹੋ।

ਬਾਬਾ ਨੰਦ ਸਿੰਘ ਸਾਹਿਬ  ਫ਼ੁਰਮਾਉਣ ਲੱਗੇ ਕਿ-

ਸਤਿਗੁਰੂ ਨੇ ਕੀ ਕਰਨਾ ਹੈ? ਫ਼ੁਰਮਾਇਆ ਇਹ ਜਿਹੜੀ ‘ਮੈਂ’ ਹੈ ਇਹਦੀ ਜਿਹੜੀ ਸੋਚ ਹੈ ਉਹ ਹੈ ਮਨ ਦੀ ਸੋਚ। ਜਿਹੜਾ ‘ਮੈਂ ਮੈਂ’ ਕਰਦਾ ਹੈ ਉਹ ਆਪਣੀ ਮਨ ਦੀ ਸੋਚ ਦੇ ਮਗਰ ਤੁਰਦਾ ਹੈ, ਉਹ ਮਨਮੁੱਖ ਹੈ। ਜਿਹੜਾ ਗੁਰੂ ਦੀ ਸੋਚ ਵਿੱਚ ਹੈ, ਉਹ ਗੁਰਮਤ ਦੇ ਵਿੱਚ ਹੈ, ਉਹ ਗੁਰੂ ਦੀ ਆਗਿਆ ਵਿੱਚ ਚਲਦਾ ਹੈ, ਗੁਰੂ ਦੀ ਸੋਚ ਵਿੱਚ ਚਲਦਾ ਹੈ, ਉਹਦੀ ਆਪਣੀ ਸੋਚ ਕੋਈ ਨਹੀਂ। ਉਸ ਵੇਲੇ ਸਤਿਗੁਰੂ ਲੈਂਦਾ ਕੀ ਹੈ? ਉਹ ਸਿੱਖ ਦੀ ਸੋਚ ਨੂੰ ਖ਼ਤਮ ਕਰਦਾ ਹੈ। ਪਰ ਪਹਿਲੋਂ ਇਹ ਜਿਹੜੀਆਂ ਦਾਤਾਂ ਹਨ ਜਿਹੜੇ ਪਦਾਰਥਾਂ ਨੂੰ ਰੋਜ਼ ਮੰਗਦਾ ਹੈ, ਇਸ ਦੁਨੀਆਂ ਦੇ ਮਾਇਆ ਦੇ ਪਦਾਰਥਾਂ ਦੀ ਰੋਜ਼ ਹੀ ਥੋੜ ਪਈ ਰਹਿਣੀ ਹੈ ਉਨ੍ਹਾਂ ਨੂੰ ਖਤਮ ਕਰਦਾ ਹੈ। ਉਨ੍ਹਾਂ ਵਿੱਚੋਂ ਕੱਢ ਲੈਂਦਾ ਹੈ, ਉਸ ਵੇਲੇ ਉਸਨੂੰ ਅਭੈ ਅਤੇ ਆਜ਼ਾਦ ਕਰ ਦਿੰਦਾ ਹੈ। ਉਸਨੂੰ ਹੁਕਮ ਅਤੇ ਰਜ਼ਾ ਵਿੱਚ ਟਿਕਾ ਦਿੰਦਾ ਹੈ। ਫਿਰ ਸਤਿਗੁਰੂ ਦੀ ਸੋਚ ਵਿੱਚ ਜਿਸ ਵੇਲੇ ਸਿੱਖ ਆ ਜਾਂਦਾ ਹੈ ਉਸਨੂੰ ਭਾਣੇ ਅਤੇ ਰਜ਼ਾ ਦੇ ਸਾਂਚੇ ਵਿੱਚ ਘੜ੍ਹ ਅਤੇ ਮੜ੍ਹ ਦਿੰਦਾ ਹੈ, ਇਹ ਸਤਿਗੁਰੂ ਕਰਦਾ ਹੈ।

ਬਾਬਾ ਨੰਦ ਸਿੰਘ ਸਾਹਿਬ ਨੇ ਫ਼ੁਰਮਾਇਆ ਅਤੇ ਪਿਤਾ ਜੀ ਨੇ ਕਈ ਸੋਝੀਆਂ ਪਾਈਆਂ।

ਸਾਧ ਸੰਗਤ ਜੀ ਆਪ ਸੋਚ ਕੇ ਦੱਸੋ ਕਿ ਅੱਸੀ ਹਜ਼ਾਰ ਦੀ ਸੰਗਤ ਬੈਠੀ ਹੈ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਆਗਿਆ ਦੇ ਰਹੇ ਹਨ ਕਿ ਇੱਕ ਸੀਸ ਚਾਹੀਦਾ ਹੈ, ਭਗੌਤੀ ਹੱਥ ਦੇ ਵਿੱਚ ਹੈ, ਉਹ ਕਿਹੜਾ ਮਹਾਨ ਆਗਿਆ ਪਾਲਕ ਉਠਿਆ ਸੀ ਜਿਹੜਾ ਜ਼ਰਾ ਵੀ ਵਿਚਾਰਕ ਨਹੀਂ ਸੀ। ਉਠਿਆ ਹੈ ਸਿੱਧਾ ਆਪਣੇ ਪਰਮ ਲਕਸ਼ ਵੱਲ, ਆਪਣੇ ਨਿਰੰਕਾਰ ਵੱਲ, ਆਪਣਾ ਸੀਸ ਭੇਟ ਕਰਨ ਵਾਸਤੇ। ਆਪਣੇ ਸਤਿਗੁਰੂ ਵੱਲ ਤੁਰਿਆ ਜਾ ਰਿਹਾ ਹੈ। ਉਹ ਆਗਿਆ ਪਾਲਕ ਭਾਈ ਦਇਆ ਸਿੰਘ ਜਿਸਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਆਪ ਦੇ ਦਿੱਤਾ ਹੈ ਅਤੇ ਜਿਸਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਗਿਆ ਪਾਲਕ ਬਣਕੇ ਉਸ ਪ੍ਰਕਾਸ਼ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪ੍ਰਾਪਤ ਕੀਤਾ ਹੈ। 

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥  

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...